ਅਮਰੀਕਾ ‘ਚ ਰਹਿਣ ਵਾਲੀ ਜੈਸੀਕਾ ਕੋਕਸ ਨਾਂ ਦੀ ਕੁੜੀ ਆਪਣੇ-ਆਪ ਨੂੰ ਵੱਖਰੇ ਤਰ੍ਹਾਂ ਦੀ ਯੋਗਤਾ ਰੱਖਣ ਵਾਲੀ ਦੱਸਦੀ ਹੈ, ਹਾਲਾਂਕਿ ਉਸ ਦਾ ਜਨਮ ਬਿਨਾਂ ਬਾਹਾਂ ਦੇ ਹੋਇਆ ਸੀ ਪਰ ਉਹ ਆਪਣਾ ਹਰ ਇਕ ਕੰਮ ਆਪ ਹੀ ਕਰਦੀ ਹੈ।ਉਸ ਨੇ ਆਪਣੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਅਪਣਾਇਆ ਅਤੇ ਆਪਣੀ ਹਰ ਇੱਛਾ ਪੂਰੀ ਕੀਤੀ। ਉਹ ਦੁਨੀਆ ਦੀ ਪਹਿਲੀ ਬਿਨਾਂ ਬਾਹਾਂ ਦੀ ਪਾਇਲਟ ਬਣਨ ਦਾ ਮਾਣ ਹਾਸਲ ਕਰ ਚੁੱਕੀ ਹੈ।

ਜੈਸੀਕਾ ਮਾਰਸ਼ਲ ਆਰਟਸ ਦੀ ਸਿਖਲਾਈ ਵੀ ਲੈ ਚੁੱਕੀ ਹੈ। ਉਹ ਆਪਣੇ ਵਰਗੇ ਹੋਰਾਂ ਲੋਕਾਂ ਲਈ ਇਕ ਮਿਸਾਲ ਬਣੀ ਹੈ, ਜੋ ਸ਼ਾਇਦ ਕਈ ਵਾਰ ਹਿੰਮਤ ਹਾਰ ਜਾਂਦੇ ਹਨ……34 ਸਾਲਾ ਜੈਸੀਕਾ ਨੇ ਦੱਸਿਆ ਕਿ ਉਹ ਆਪਣਾ ਸਾਰਾ ਕੰਮ ਖੁਦ ਹੀ ਕਰਦੀ ਹੈ। ਜਦ ਉਹ 25 ਸਾਲ ਦੀ ਸੀ ਤਦ ਉਸ ਨੇ ਪੈਰਾਂ ਨਾਲ ਜਹਾਜ਼ ਉਡਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਹ ਪੈਰਾਂ ਨਾਲ ਖਾਣਾ ਖਾਣ ਤੋਂ ਇਲਾਵਾ ਅੱਖਾਂ ‘ਚ ਲੈਂਜ਼ ਲਗਾਉਣ, ਮੇਕਅੱਪ ਕਰਨ, ਮੋਬਾਈਲ ਚਲਾਉਣ, ਬੂਟਾਂ ਦੇ ਤਸਮੇ ਬੰਨ੍ਹਣ ਅਤੇ ਪਿਆਨੋ ਤਕ ਵਜਾਉਣ ਦਾ ਕੰਮ ਕਰ ਲੈਂਦੀ ਹੈ।

ਉਹ ਖੁਦ ਨੂੰ ਕਿਸੇ ਵੀ ਤਰ੍ਹਾਂ ਨਾਲ ਅਪਾਹਜ ਨਹੀਂ ਮਹਿਸੂਸ ਕਰਦੀ ਪਰ ਕਈ ਵਾਰ ਲੋਕ ਉਸ ‘ਤੇ ਭਰੋਸਾ ਕਰਨ ਤੋਂ ਡਰਦੇ ਹਨ।ਜਦ ਉਸ ਨੇ ਜਹਾਜ਼ ਉਡਾਉਣ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਸੀ ਤਾਂ ਉਸ ਦੇ ਦੋਸਤ ਹੀ ਉਸ ਨੂੰ ਕਹਿਣ ਲੱਗ ਗਏ ਸਨ ਕਿ ਉਹ ਇਹ ਕੰਮ ਨਹੀਂ ਕਰ ਸਕਦੀ। ਉਸ ਨੇ ਕਿਹਾ ਕਿ ਉਸ ਦੀਆਂ ਛੋਟੀਆਂ-ਛੋਟੀਆਂ ਜਿੱਤਾਂ ਹੀ ਉਸ ਨੂੰ ਖਾਸ ਬਣਾਉਂਦੀਆਂ ਹਨ। ਉਹ ਆਮ ਲੋਕਾਂ ‘ਚ ਜਾ ਕੇ ਵਿਚਰਦੀ ਹੈ ਤੇ ਹੋਰਾਂ ਨੂੰ ਵੀ ਆਪਣੇ ਹੁਨਰ ਪਛਾਣਨ ਦੀ ਅਪੀਲ ਕਰਦੀ ਹੈ।ਸ਼ਨੀਵਾਰ ਨੂੰ ਉਸ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ,” ਮੈਂ ਜੋ ਹਾਂ, ਉਸੇ ‘ਚ ਖੁਸ਼ ਹਾਂ, ਮੈਨੂੰ ਬਾਹਾਂ ਤੇ ਹੱਥਾਂ ਦੀ ਲੋੜ ਹੀ ਨਹੀਂ ਕਿਉਂਕਿ ਮੇਰੇ ਪੈਰ ਹੀ ਮੇਰਾ ਸਾਰਾ ਕੰਮ ਕਰਦੇ ਹਨ।ਮੈਂ ਆਪਣੇ ਪੈਰਾਂ ਤੋਂ ਉਸੇ ਤਰ੍ਹਾਂ ਕੰਮ ਲੈਂਦੀ ਹਾਂ, ਜਿਵੇਂ ਲੋਕ ਹੱਥਾਂ ਤੋਂ ਲੈਂਦੇ ਹਨ।